ਮੈਂ ਤੇਰੀ ਬਹੁਤ ਉਡੀਕ ਕਰਾਂਗੀ
ਤੇਰੇ ਨਾਲ, ਤੇਰੀ ਖੁਸ਼ਬੂ ਵਿੱਚ
ਮੇਰਾ ਸ਼ਿਮਲੇ ਜਾਣ ਵਾਲਾ ਸੁਪਨਾ
ਅਜੇ ਅਧੂਰਾ ਹੈ..
ਮੇਰੇ ਖਰੀਦੇ ਦੋ ਕੱਪ
ਤੇ ਉਹਨਾਂ ਦੀ ਕੇਤਲੀ ਵੀ
ਤੇਰੀ ਉਡੀਕ ਵਿੱਚ ਹੈ
ਜੇ ਮੁੜ ਆਵੇਂ
ਤੇਰੇ ਨਾਲ ਹੱਸਾਂਗੀ ਓਦੋਂ
ਤੇ ਵਿਛੋੜੇ ਦੀ ਗੱਲ ਦੱਬ ਦਿਆਂਗੀ
ਮੈਂ ਤੇਰੀ ਬਹੁਤ ਉਡੀਕ ਕਰਾਂਗੀ
ਤੇਰੇ ਧੋਖੇ ਨੂੰ
ਰਜਾਈ ਅੰਦਰ ਢੱਕਿਆ ਹੈ
ਬਾਹਰ ਮੂੰਹ ਕੱਢਦਾ ਤੇ
ਠੰਡਾ ਹੋ ਜਾਂਦਾ
ਪਤਾ ਨਹੀਂ ਲੱਗਦਾ ਕਿਸੇ ਨੂੰ
ਕਿ ਕਿੰਨਾ ਸੇਕ ਹੈ
ਛੱਲ ਫ਼ਰੇਬ ਦਾ
ਮੈਨੂੰ ਮੈਂ ਖੁੱਦ ਨੂੰ
ਬਹੁਤ ਪਿਆਰੀ ਲੱਗਦੀ ਹਾਂ
ਪਰੀਆਂ ਵਰਗੀ, ਦਿਲ ਛੂਹਣ ਵਾਲੀ
ਪਿਆਰ ਕਰਨ ਵਾਲੀ
ਤੇਰਾ ਦਰਦ ਜ਼ਹਿਰ ਬਣੀ ਜਾ ਰਿਹਾ ਹੈ
ਤੇ ਹੁਣ ਜ਼ਹਿਰ ਨਾਲ ਘੁੱਲ ਰਹੀ ਹਾਂ
ਰੋਜ਼ ਚੁੱਪ ਦੇ ਹਨ੍ਹੇਰੇ ਵਿੱਚੋਂ ਨਿਕਲ
ਹਰਫ਼ਾਂ ਦੀ ਰੌਸ਼ਨੀ ਵਿੱਚ ਬਹਿੰਦੀ ਹਾਂ
ਮੈਂ ਤੇਰੀ ਬਹੁਤ ਉਡੀਕ ਕਰਾਂਗੀ
ਸੋਚਾਂ ਦੇ ਹੜ੍ਹਾਂ ਨੂੰ
ਬੰਨ੍ਹ ਜਿਹਾ ਲਾ ਕੇ ਬੈਠੀ ਹਾਂ
ਤੇਰੇ ਵਿਛੋੜੇ ਦੀ ਮਸੀਤ ਵਿੱਚ
ਤੇਰੇ ਮੁੜ ਆਉਣ ਦੀ ਨਮਾਜ਼ ਪੜ੍ਹ ਰਹੀ ਹਾਂ
ਮੇਰੀ ਮੁਹੱਬਤ ਅੱਗੇ
ਤੇਰੀ ਜੰਗ ਦੇ ਮੈਦਾਨ
ਇੱਕ ਦਿਨ ਸ਼ਰਮਿੰਦੇ ਹੋਣਗੇ
ਤੇ ਤੇਰੀਆਂ ਨਫ਼ਰਤਾਂ
ਆਪਣੇ ਆਪ ਨਾਲ ਨਫ਼ਰਤ ਕਰਨਗੀਆਂ
ਕਿ ਅਸੀਂ ਕਿਸ ਨਾਲ ਨਫ਼ਰਤ ਕਰ ਬੈਠੇ?
ਕੱਪ, ਮੈਂ ਤੇ ਕੇਤਲੀ
ਤੇਰੀ ਉਡੀਕ ਵਿੱਚ
- ਮਨਦੀਪ ਕੌਰ ਟਾਂਗਰਾ