Monday, January 13, 2020

ਰੰਗ ਸੂਹਾ ਲਾਲ...

ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...
ਮੇਰੀਆਂ ਅੱਖਾਂ ਵਿੱਚ ਜਵਾਬ ਸਨ
ਤੇ ਤੇਰੇ ਦਿਲ ਵਿੱਚ ਉੱਠਦੇ ਸਵਾਲ...
ਤੇਰੇ ਚੇਹਰੇ ਦੀ ਮੁਸਕਰਾਹਟ
ਤੇ ਮੇਰੇ ਪਿਆਰ ਭਰੇ ਖਿਆਲ...
ਸ਼ਾਲਾ ! ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...

ਦੂਜਾ ਰੰਗ ਤੇਰਾ ਮਾਣਿਆ
ਮੈਂ ਰੰਗ ਗੁਲਾਬੀ ਸੂਹਾ...
ਤੇਰੇ ਲਈ ਹੀ ਖੋਲਿਆ
ਮੈਂ ਦਿਲ ਆਪਣੇ ਦਾ ਬੂਹਾ...
ਤਪਦੀਆਂ ਤਿੱਖੀਆਂ ਧੁੱਪਾਂ
ਤੂੰ ਕੀਤੀਆਂ ਨਿੱਘੇ ਸਿਆਲ...
ਸ਼ਾਲਾ ! ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...

ਤੀਜਾ ਰੰਗ ਤੇਰਾ ਮਾਣਿਆ
ਮੈਂ ਰੰਗ ਪੀਲਾ ਸੁਨਹਿਰੀ...
ਜਾ ਬਿਠਾਇਆ ਜਿਸਨੇ ਮੈਨੂੰ
ਪਿਆਰ ਦੀ ਕਚਹਿਰੀ...
ਤੇਰੇ ਇੱਕ ਇੱਕ ਲੜ ਨੇ ਲਿਆਂਦੇ
ਮੇਰੇ ਦਿਲ ਵਿੱਚ ਕਈ ਭੂਚਾਲ...
ਸ਼ਾਲਾ ! ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...

ਚੌਥਾ ਰੰਗ ਮੈਂ ਮਾਣਿਆ
ਮੈਂ ਰੰਗ ਸੁਰਮੇ ਰੰਗਿਆ..
ਮੇਰੀਆਂ ਅੱਖਾਂ ਨੇ ਕਜਲਾ
ਜਿਵੇਂ ਹੋਵੇ ਇਹਦੇ ਤੋਂ ਹੀ ਮੰਗਿਆ...
ਤੇਰੇ ਤੇ ਵੇਖ ਅੱਜ
ਜਾ ਮੁੱਕੀ ਮੇਰੀ ਭਾਲ...
ਤੇਰੇ ਤੇ ਵੇਖ ਅੱਜ
ਜਾ ਮੁੱਕੀ ਮੇਰੀ ਭਾਲ...
ਸ਼ਾਲਾ ! ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...


ਗੁਲਾਬ

ਤੇਰੇ ਦਿੱਤੇ ਸੂਹੇ ਗੁਲਾਬ ਨਾਲ
ਪਿਆਰ ਬਹੁਤ ਮੈਨੂੰ ਹੋ ਗਿਆ..
ਕੱਲ ਫੇਰ ਜਦ ਅੱਖ ਮੀਚੀ
ਮੇਰੀਆਂ ਬਾਹਾਂ ਵਿੱਚ ਆ ਸੋ ਗਿਆ..
ਮਹਿਕ ਸੰਭਲਦੀ ਨਹੀਂ ਸੀ ਉਸ ਕੋਲੋਂ
ਮੇਰੇ ਸਾਹਾਂ ਦਾ ਹੀ ਬਸ ਹੋ ਗਿਆ..
ਮੈਂ ਅਰਬਾਂ ਫੁੱਲਾਂ ਦੇ ਦੇਸ਼ ਰਹਿੰਦੀ ਹਾਂ
ਤੇਰਾ ਇੱਕੋ ਹੀ ਗੁਲਾਬ ਦਿਲ ਮੋਹ ਗਿਆ..
ਤੇਰੇ ਦਿੱਤੇ ਸੂਹੇ ਗੁਲਾਬ ਨਾਲ
ਪਿਆਰ ਬਹੁਤ ਮੈਨੂੰ ਹੋ ਗਿਆ..