Tuesday, September 28, 2021

ਸਿਫਰ

 ਤੂੰ ਏਂ ਕਿ ਝੂਠ ਏਂ

ਕੋਈ ਫ਼ਰੇਬ ਜਿਹਾ

ਮਿੱਠਾ ਜ਼ਹਿਰ ਏਂ

ਅੱਖਾਂ ਚੋਂ ਨਿਕਲ ਰਿਹਾ

ਟਪ ਟਪ ਅੱਥਰੂ ਏਂ 


ਤਿੱਖਾ ਦਰਦ ਏਂ

ਪਿਆਰ ਨਹੀਂ ਏਂ ਤੂੰ

ਇਕਰਾਰ ਨਹੀਂ 

ਤਮਾਸ਼ਾ ਏਂ

ਮੁੱਕਿਆ ਖੋਖਲਾ 

ਬੇਰੰਗ ਏਂ ਤੂੰ


ਕੁੱਝ ਵੀ ਨਾ ਬਚਿਆ

ਉਹ ਏਂ ਤੂੰ

ਤੁਰਦੀ ਲਾਸ਼ ਦਾ 

ਜ਼ੁੰਮੇਵਾਰ ਏਂ ਤੂੰ

ਅਸਮਾ ਨਹੀਂ  ਏਂ

ਨਾ ਜ਼ਮੀਨ ਏਂ

ਕੁੱਝ ਵੀ ਨਹੀਂ 


ਕੁੱਝ ਵੀ ਨਹੀਂ 

ਸਿਫਰ ਵੀ ਨਹੀਂ 

ਫਿਕਰ ਵੀ ਨਹੀਂ 

ਅੰਤ ਹੁਣ, ਜ਼ਿਕਰ ਵੀ ਨਹੀਂ ਏਂ ਤੂੰ!  


#MandeepKaurSidhu

Monday, September 20, 2021

ਰੀਝਾਂ

 ਵਿਵਾਦਾਂ ਵਿੱਚ ਹੈ ਤੇਰੀ ਚੁੱਪ

ਤੇਰੀ ਸੋਚ ਦਾ, ਮੇਰੇ ਅੰਦਰ ਸ਼ੋਰ ਡਾਢਾ ਹੈ

ਤੇਰੀ ਹਿੰਮਤ ਤੇ ਤਰਸ ਆਉਂਦਾ ਹੈ

ਹਿੰਮਤਾਂ ਅਜਿਹੀਆਂ ਵੀ ਹੁੰਦੀਆਂ ਨੇ??


ਹਿੰਮਤ ਸਕਾਰਾਤਮਕ ਹੋਣੀ ਚਾਹੀਦੀ ਹੈ

“ਮੈਂ ਤੇਰੇ ਨਾਲ ਹਾਂ।”

ਨਕਾਰਾਤਮਕ ਨਹੀਂ

“ਤੇਰੀ ਹਿੰਮਤ ਕਿਵੇਂ ਪੈ ਗਈ?” 


ਨਵੀਂਆਂ ਕਰੂੰਬਲ਼ਾਂ

ਪਿਆਰ ਦਾ ਸੁਮੇਲ ਮੰਗਦੀਆਂ 

ਖਿਆਲ ਦਾ ਸੁਮੇਲ ਮੰਗਦੀਆਂ 

ਰੂਹਾਂ ਦਾ ਮੇਲ ਮੰਗਦੀਆਂ 


ਖੱਬੇ ਸੱਜੇ ਪੈਂਦੇ

ਨਦੀਆਂ ਵੱਗਦੀਆਂ 

ਸਿੱਧਾ ਉੱਪਰ ਛੱਤ ਵੱਲ

ਮੇਰੇ ਪਿਓ ਦੇ ਪਸੀਨੇ ਨਾਲ ਸਜਾਏ 

ਬਾਲ੍ਹੇ ਇੱਟਾਂ ਦਾ ਮਹਿਲ ਹੈ


ਤੇਰਾ ਮੇਰਾ ਅਜੇ ਤੱਕ ਕੋਈ ਮਹਿਲ ਨਹੀਂ 

ਖਿਆਲਾਂ ਵਿੱਚ ਵੀ ਨਹੀਂ 

ਹਰੇ ਦਿਸਦੇ ਨੇ ਸਭ ਨੂੰ ਤੇਰੇ ਲਾਏ ਬਾਗ

ਕੈਕਟਸ


ਸੁਨਹਿਰੀ ਗੁੰਝਲਦਾਰ ਪਰਾਲ਼ੀ ਦੇ ਸਿੱਟੇ 

ਰੀਝਾਂ ਦੀ ਕੁੱਲੀ ਦੀ ਆਸ ਵਿੱਚ 

ਰੋਜ਼ ਤੇਰੇ ਅੱਗੇ ਰੱਖਦੀ ਹਾਂ 

ਲੋੜ ਹੀ ਨਹੀਂ! ਕੀ ਲੋੜ ਹੈ? .. ਦੀ ਅੱਗ ਵਿੱਚ

ਝੁਲ਼ਸ ਰਹੇ ਨੇ! 


…. ਫਿਰ, ਮੈਂ ਰਾਣੀ ਕਿਸ ਦੀ ਹਾਂ ?


#MandeepKaurSidhu