Tuesday, July 10, 2018

ਕਵਿਤਾ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੇਰੇ ਨਾਲ ਚੁੱਪ ਰਹਾਂਗੀ
ਜਦ ਤੱਕ ਮੈਨੂੰ ਨਹੀਂ ਬੁਲਾਉਂਦੀ ਤੂੰ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੈਨੂੰ ਜਿੱਤਣ ਨਹੀਂ ਦੇਵਾਂਗੀ
ਜਦ ਤੱਕ ਮੈਨੂੰ ਨਹੀਂ ਜਿਤਾਉਂਦੀ ਤੂੰ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੇਰੀ ਨਬਜ਼ ਤੇ ਪੈਰ ਧਰਿਆ ਏ
ਜਦ ਤੱਕ ਮੇਰੇ ਵਾਂਗ ਨਹੀਂ ਕੁਰਲਾਉਂਦੀ ਤੂੰ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੈਨੂੰ ਸੌਣ ਨਹੀਂ ਦੇਵਾਂਗੀ
ਜਦ ਤੱਕ ਮੇਰੇ ਸੁਪਨੇ ਨਹੀਂ ਸਜਾਉਂਦੀ ਤੂੰ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੈਨੂੰ ਮੁੱਕਣ ਨਹੀਂ ਦੇਵਾਂਗੀ
ਜਦ ਤੱਕ ਮੇਰਾ ਦਰਦ ਨਹੀਂ ਰੁਕਾਉਂਦੀ ਤੂੰ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੈਨੂੰ ਹੱਸਣ ਨਹੀਂ ਦੇਵਾਂਗੀ
ਜਦ ਤੱਕ ਮੈਨੂੰ ਨਹੀਂ ਹਸਾਉਂਦੀ ਤੂੰ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੇਰਾ ਦਰਦ ਨਹੀਂ ਸੁਣਾਂਗੀ
ਜਦ ਤੱਕ ਮੇਰਾ ਦਰਦ ਨਹੀਂ ਵੰਡਾਉਂਦੀ ਤੂੰ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੈਨੂੰ ਸੁੱਕਣ ਨਹੀਂ ਦੇਵਾਂਗੀ
ਜਦ ਤੱਕ ਔੜ ਨਹੀਂ ਮੈਨੂੰ ਬਣਾਉਂਦੀ ਤੂੰ

ਕਵਿਤਾ ਮੇਰੀ ਤੇਰੇ ਨਾਲ
ਰੋਜ਼ ਲੜਾਈ ਹੈ
ਤੈਨੂੰ ਮਰਨ ਨਹੀਂ ਦੇਵਾਂਗੀ
ਜਦ ਤੱਕ ਮੈਨੂੰ ਮਾਰ ਨਹੀਂ ਮੁਕਾਉਂਦੀ ਤੂੰ



ਕਿਸਮਤ ਕਿੱਥੇ ਤੂੰ ਕਮਜ਼ੋਰ ਸੀ ?

ਕਿਸਮਤ ਕਿੱਥੇ ਤੂੰ ਕਮਜ਼ੋਰ ਸੀ ?
ਜਿੱਥੇ ਮੈਂ ਹੌਂਸਲੇ ਨਾਲ ਬੱਝੀ ਸੀ..
ਜਿੱਥੇ ਭਰ ਜੋਬਨ ਵਿਚ ਸੱਜੀ ਸੀ..
ਕਿਸਮਤ ਕਿੱਥੇ ਤੂੰ ਕਮਜ਼ੋਰ ਸੀ ?
ਜਿੱਥੇ ਮੈਂ ਸੁਪਨੇ ਬੁਣ ਰਹੀ ਸੀ..
ਸੋਹਣੇ ਪਲ ਪੁਣ ਰਹੀ ਸੀ..
ਕਿਸਮਤ ਕਿੱਥੇ ਤੂੰ ਕਮਜ਼ੋਰ ਸੀ ?
ਜਿੱਥੇ ਮਾਪਿਆਂ ਦਾ ਮੈਂ ਪੁੱਤ ਸੀ..
ਸੱਜਰੀ ਰੰਗੀਨ ਰੁੱਤ ਸੀ..
ਕਿਸਮਤ ਕਿੱਥੇ ਤੂੰ ਕਮਜ਼ੋਰ ਸੀ ?
ਜਿੱਥੇ ਵੰਡਦੀ ਨਾ ਮੈਂ ਥੱਕਦੀ ਸੀ..
ਸਹਿੰਦੀ ਨਾ ਕਦੇ ਅੱਕਦੀ ਸੀ..
ਕਿਸਮਤ ਕਿੱਥੇ ਤੂੰ ਕਮਜ਼ੋਰ ਸੀ ?
ਜਿੱਥੇ ਮੇਰੇ ਹਾਸਿਆਂ ਦਾ ਸ਼ੋਰ ਸੀ..
ਗ਼ਮਾਂ ਦਾ ਨਾ ਕੋਈ ਜ਼ੋਰ ਸੀ..
ਕਿਸਮਤ ਕਿੱਥੇ ਤੂੰ ਕਮਜ਼ੋਰ ਸੀ ?
ਜਿੱਥੇ ਲੁਕ ਲੁਕ ਦੁਆ ਕਰਦੀ ਸੀ..
ਹਰ ਤਾਹਨਾ ਹੱਸ ਕੇ ਜਰਦੀ ਸੀ..
ਕਿਸਮਤ ਕਿੱਥੇ ਤੂੰ ਕਮਜ਼ੋਰ ਸੀ ?
ਜਿੱਥੇ ਸਭ ਦਾ ਦੁੱਖ ਵੰਡਾਉਂਦੀ ਸੀ..
ਆਪਣਾ ਚੁੱਪ ਚਾਪ ਹੰਢਾਉਂਦੀ ਸੀ..
ਕਿਸਮਤ ਕਿੱਥੇ ਤੂੰ ਕਮਜ਼ੋਰ ਸੀ?
ਜਿੱਥੇ ਮੈਂ ਅੰਤ ਦਾ ਅੰਦਾਜ਼ਾ ਨਾ ਲਾਇਆ..
ਤੇਰੇ ਤੇ ਭਰੋਸਾ ਦਿਖਾਇਆ..

ਪੀੜਾਂ

ਚੀਰ ਚੀਰਿਆ ਗਿਆ ਹੈ 
ਪੀੜਾਂ ਨਾਲ ਛੱਲੀ ਹੋਈ ਹਾਂ 
ਕਹਿੰਦੇ ਸੀ ਮੁਸਕੁਰਾਹਟ ਸੋਹਣੀ ਹੈ ਤੇਰੀ 
ਹੁਣ ਦਰਦਾਂ ਦੀ ਮੱਲੀ ਹੋਈ ਹਾਂ 
ਹੱਸਦੀ ਭੀੜ ਆਸੇ ਪਾਸੇ 
ਰੋਂਦੀ ਕੱਲੀ ਹੋਈ ਹਾਂ

Monday, July 9, 2018

ਐਸਾ ਜਨਮ

ਐਸਾ ਜਨਮ ਕੀ ਕਰਨਾ ਰੱਬਾ ?
ਜਿੱਥੇ ਵੱਢੇ ਹੱਥ ਦੀਆਂ ਉਂਗਲਾਂ ਤੋੜਦੇ ਨੇ..
ਐਸਾ ਜਨਮ ਕੀ ਕਰਨਾ ਰੱਬਾ ?
ਜਿੱਥੇ ਤੋੜ ਤੋੜ ਤੰਦਾਂ ਪੀੜਾਂ ਨਾਲ ਜੋੜਦੇ ਨੇ..
ਐਸਾ ਜਨਮ ਕੀ ਕਰਨਾ ਰੱਬਾ ?
ਜਿੱਥੇ ਹਾਸੇ ਖਿੰਡਾ ਖਿੰਡਾ ਫੇਰ ਮੋੜਦੇ ਨੇ..
ਐਸਾ ਜਨਮ ਕੀ ਕਰਨਾ ਰੱਬਾ ?
ਜਿੱਥੇ ਚੁਣ ਚੁਣ ਚਾਅ ਪਰਾਂ ਸੁੱਟ ਰੋੜਦੇ ਨੇ..
ਐਸਾ ਜਨਮ ਕੀ ਕਰਨਾ ਰੱਬਾ ?
ਜਿੱਥੇ ਪੱਤੀਆਂ ਮਸਲ ਫੁੱਲ ਮਰੋੜਦੇ ਨੇ.. -ਮਨਦੀਪ 

Sunday, July 8, 2018

ਖ਼ਾਮੋਸ਼

ਅੱਥਰੂ ਕਿਰ ਜਾਂਦੇ ਨੇ ਮਾਂ 
ਜਦ ਜਦ ਹੱਸਦੀ ਹਾਂ..
ਫੇਰ ਢਿੱਲ ਪੈ ਜਾਂਦੀ ਹੈ ਖੁਸ਼ੀਆਂ ਨੂੰ 
ਜਦ ਜਦ ਕੱਸਦੀ ਹਾਂ..
ਆਵਾਜ਼ ਖ਼ਾਮੋਸ਼ ਨਿਕਲਦੀ ਹੈ 
ਜਦ ਜਦ ਦੱਸਦੀ ਹਾਂ..
ਜਦ ਵੀ ਸੌਣ ਦੀ ਕਰਾਂ ਕੋਸ਼ਿਸ਼
ਫੇਰ ਖਿਆਲਾਂ ਵਿੱਚ ਫੱਸਦੀ ਹਾਂ..
ਵਾਰ ਵਾਰ ਉੱਜੜਦੀ ਹਾਂ ਮਾਂ
ਜਦ ਜਦ ਵੱਸਦੀ ਹਾਂ.. - ਮਨਦੀਪ

ਹਿਸਾਬ

ਅੱਥਰੂ ਵਿੰਨ੍ਹੇ ਗਏ 
ਜਦ ਤਿੱਖੇ ਬੋਲ ਸਹੇ
ਆਤਮਾ ਮਰ ਗਈ 
ਤੇ ਰਾਹ ਬਦਲ ਗਏ 
ਆਉਣ ਵਾਲੇ ਹੱਸਦੇ 
ਹੁਣ ਸਾਹ ਬਦਲ ਗਏ
ਸੁਫ਼ਨੇ ਬਦਲ ਗਏ
ਚਾਅ ਬਦਲ ਗਏ
ਮਾਸੂਮੀਅਤ ਮੁੱਕ ਗਈ
ਖਿੜੀ ਕਲੀ ਸੁੱਕ ਗਈ
ਖਿੜ ਖਿੜ ਹੱਸਣਾ ਲੁੱਕ ਗਿਆ
ਸੋਹਣਾ ਸਫਰ ਮੁੱਕ ਗਿਆ
ਜੋ ਸੋਚਿਆ ਸਭ ਦਫ਼ਨ ਹੋ ਗਿਆ
ਮੁਸਕੁਰਾਉਣਾ ਹੁਣ ਕਫ਼ਨ ਹੋ ਗਿਆ
ਅਲਵਿਦਾ ਲਏ ਖ਼ਵਾਬਾਂ ਨੂੰ
ਮੁਬਾਰਕ ਹੋ ਰਹੇ ਹਿਸਾਬਾਂ ਨੂੰ
-mandeep