Saturday, October 16, 2021

ਦਰਗਾਹ ਵੀ ਅੰਦਰ ਹੈ।

 ਕਹਿੰਦੇ ਤੇਰੀ ਕਵਿਤਾ ਨੂੰ ਜਗ੍ਹਾ ਨਹੀਂ ਮਿਲੇਗੀ

ਕਿਸੇ ਵੀ ਦਰਗਾਹ ਵਿੱਚ ਪਨਾਹ ਨਹੀਂ ਮਿਲੇਗੀ


ਕੈਸੀ ਹੈ ਜੋ ਧੁੱਪ ਵਿੱਚ ਭਾਫ਼ ਬਣ ਮੁੱਕਦੀ

ਮੀਂਹਾਂ ਦੇ ਪਾਣੀਆਂ ਵਿੱਚ ਜਾ ਜਾ ਲੁੱਕਦੀ

ਦਿੱਸਦੀ ਨਹੀਂ ਜੋ

ਉਹ ਹੋ ਕਿਵੇਂ ਹੈ ਸਕਦੀ?

ਖਾਲ਼ੀ ਪੰਨਿਆਂ ਦੇ ਉਹਲੇ

ਕਿਹੜੇ ਅੱਖਰ ਸਾਂਭ ਸਾਂਭ ਰੱਖਦੀ?


ਅਮਰ ਹੈ ਕਵਿਤਾ

ਮੈਂ ਬੱਸ ਰੂਹਾਂ ਲਿੱਖਦੀ ਹਾਂ 

ਅੰਦਰ ਵੱਸਦੀ ਹਾਂ

ਕਿਤਾਬਾਂ ਵਿੱਚ ਨਹੀਂ ਮੈਂ ਵਿੱਕਦੀ ਹਾਂ 


ਕਹਿੰਦੇ ਤੇਰੀ ਕਵਿਤਾ ਨੂੰ ਜਗ੍ਹਾ ਨਹੀਂ ਮਿਲੇਗੀ

ਕਿਸੇ ਵੀ ਦਰਗਾਹ ਵਿੱਚ ਪਨਾਹ ਨਹੀਂ ਮਿਲੇਗੀ


ਮੇਰੀ ਕਵਿਤਾ ਦੀ ਜਗ੍ਹਾ ਮੇਰੇ ਅੰਦਰ ਹੈ

ਪਨਾਹ ਵੀ ਅੰਦਰ ਹੈ, ਤੇ ਦਰਗਾਹ ਵੀ ਅੰਦਰ ਹੈ। 


-ਮਨਦੀਪ

ਅਜੇ ਤੂੰ ਤੇ ਮੈਂ ਖਿੜ੍ਹੇ ਨਹੀਂ

ਅਜੇ ਤੂੰ ਤੇ ਮੈਂ ਖਿੜ੍ਹੇ ਨਹੀਂ ਹਾਂ 

ਮੇਰੇ ਤੇ ਜੋ ਓਸ ਦੀ ਬੂੰਦ ਬੂੰਦ ਹੈ

ਪਿਆਰ ਸੰਗ ਛਲਕ ਛਲਕ

ਤੇਰੇ ਤੇ ਡੁੱਲ ਰਹੀ ਹੈ

ਤੇ

ਅਜੇ ਤੂੰ ਤੇ ਮੈਂ ਖਿੜ੍ਹੇ ਨਹੀਂ 


ਰੰਗਾਂ ਦੇ ਵਿੱਚ ਤੂੰ ਵੀ

ਰੰਗਾਂ ਦੇ ਵਿੱਚ ਮੈਂ ਵੀ

ਡੋਡੀ ਮੈਂ, ਡੋਡੀ ਤੂੰ

ਭਰੇ ਪਏ ਪਿਆਰ ਨਾਲ ਨੱਕੋਂ ਨੱਕ

ਤੇ 

ਅਜੇ ਤੂੰ ਤੇ ਮੈਂ ਖਿੜ੍ਹੇ ਨਹੀਂ 


ਖਿੜ੍ਹ ਕੇ

ਤੂੰ ਵੀ ਫੁੱਲ ਹੋਵੇਂਗਾ ਤੇ ਮੈਂ ਵੀ ਫੁੱਲ ਹੋਵਾਂਗੀ

ਗੁਲਦਸਤਾ ਜਿਹਾ

ਪਿਆਰ ਦੀ ਮਹਿਕ ਦਾ ਗੁਲਿਸਤਾਨ ਹੋਵਾਂਗੇ

ਤੇ 

ਅਜੇ ਤੂੰ ਤੇ ਮੈਂ ਖਿੜ੍ਹੇ ਨਹੀਂ 


-ਮਨਦੀਪ